ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ
ਇਹ ਦੋ ਵਾਕਯਾਤ ਥਾਨਾ ਬਾਘਾ ਪੁਰਾਣਾ ਤਹਿਸੀਲ ਮੋਗਾ (ਹੁਣ ਜ਼ਿਲਾ) ਦੇ ਹਨ। ਸ਼ੁਰੂ ਜਵਾਨੀ ਤੇ ਨੌਕਰੀ ਦੀ ਪਹਿਲੀ ਅਵਸਥਾ ਵਿੱਚ ਬਾਬਾ ਨਰਿੰਦਰ ਸਿੰਘ ਜੀ ਇਕ ਵਾਰ ਘੋੜਿਆਂ ਤੇ ਰਾਤ ਨੂੰ ਡਾਕੂਆਂ ਦੇ ਮਗਰ ਨਿਕਲ ਪਏ। ਮੱਸਿਆ ਦੀ ਹਨੇਰੀ ਰਾਤ ਸੀ, ਜੰਗਲ ਵਿੱਚ ਕਿਸੇ ਚੀਜ਼ ਨੂੰ ਦੇਖ ਕੇ ਘੋੜਾ ਡਰ ਗਿਆ ਅਤੇ ਬੇਲਗਾਮ ਹੋ ਕੇ ਸਰਪਟ ਭੱਜ ਪਿਆ। ਕਿਸੇ ਪਾਸੇ ਬੜੀ ਦੂਰ ਨਿਕਲ ਗਿਆ। ਇਕ ਐਸੇ ਲੰਬੇ ਸੰਘਣੇ ਦਰਖਤਾਂ ਦੇ ਝੁੰਡ ਵਿੱਚ ਦੀ ਨਿਕਲਿਆ ਜਿੱਥੋਂ ਦਰਖਤਾਂ ਦੇ ਉਪਰੋਂ ਭੈੜੀਆਂ ਅਵਾਜ਼ਾਂ ਆਉਣੀਆ ਸ਼ੁਰੂ ਹੋ ਗਈਆਂ। ਪਿਤਾ ਜੀ ਦੇ ਦਿਲ ਵਿੱਚ ਇਸ ਗੱਲ ਦਾ ਅਫਸੋਸ ਸੀ ਕਿ ਬੜੇ ਖਤਰਨਾਕ ਡਾਕੂ ਹਥੋਂ ਨਿਕਲ ਜਾਣਗੇ ਕਿਉਂਕਿ ਸਾਰੇ ਪੁਲਿਸ ਵਾਲੇ ਘੋੜ ਸਵਾਰ (ਮਾਤਹਤ) ਪਿਤਾ ਜੀ ਦੀ ਅਗਵਾਈ ਦੇ ਬਗੈਰ ਕੁਝ ਵੀ ਨਹੀਂ ਕਰ ਸਕਦੇ ਸਨ। ਘੋੜਾ ਤਾਂ ਕਾਬੂ ਆ ਚੁੱਕਿਆ ਸੀ ਪਰ ਰਸਤੇ ਦਾ ਪਤਾ ਲੱਗਣਾ ਅਸੰਭਵ ਸੀ ਕਿ ਕਿਸ ਤਰ੍ਹਾਂ ਆਪਣੇ ਮਾਤਹਤਾਂ ਨੂੰ ਵਾਪਸ ਮਿਲਿਆ ਜਾਏ। ਇਹ ਸੋਚ ਹੀ ਰਹੇ ਸਨ ਕਿ ਘੋੜਾ ਇਕ ਦੋਰਾਹੇ ਤੇ ਪਹੁੰਚ ਗਿਆ। ਦੋਰਾਹੇ ਤੇ ਖੜ੍ਹੇ ਹੋ ਗਏ ਕਿ ਕਿਸ ਪਾਸੇ ਵੱਲ ਜਾਇਆ ਜਾਵੇ, ਫਿਰ ਅਚਾਨਕ ਇਕ ਪ੍ਰਕਾਸ਼ ਪ੍ਰਗਟ ਹੋਇਆ ਤੇ ਉਸ ਵਿੱਚੋਂ ਭਗਵਾਨ ਕ੍ਰਿਸ਼ਨ ਜੀ ਪ੍ਰਗਟ ਹੋਏ। ਉਨ੍ਹਾਂ ਨੇ ਘੋੜੇ ਦੀ ਲਗਾਮ ਫੜ੍ਹੀ ਤੇ ਉਸ ਰਸਤੇ ਵੱਲ ਘੋੜੇ ਨੂੰ ਮੋੜ ਦਿੱਤਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਅਲੋਪ ਹੋ ਗਏ। ਪਿਤਾ ਜੀ ਨੇ ਘੋੜੇ ਨੂੰ ਦੌੜਾ ਲਿਆ ਤੇ ਕੁਝ ਦੇਰ ਬਾਅਦ ਘੋੜਾ ਉੱਥੇ ਹੀ ਲੈ ਗਿਆ ਜਿੱਥੇ ਮਾਤਹਤ ਇੰਤਜ਼ਾਰ ਕਰ ਰਹੇ ਸਨ। ਪਿਤਾ ਜੀ ਡਾਕੂਆਂ ਦੇ ਮਗਰ ਲੱਗ ਪਏ ਤੇ ਬੜੇ ਭਿਆਨਕ ਮੁਕਾਬਲੇ ਦੇ ਬਾਅਦ ਡਾਕੂਆਂ ਦੇ ਖਤਰਨਾਕ ਗਰੋਹ ਨੂੰ ਫੜ੍ਹ ਲਿਆ, ਬਹੁਤ ਜੈ ਜੈ ਕਾਰ ਹੋਈ ।
ਇਕ ਰਾਤ ਉਹੀ ਆਵਾਜ਼ਾਂ ਜੋ ਦਰਖਤਾਂ ਤੋਂ ਸੁਣਾਈ ਦਿੱਤੀਆਂ ਸਨ, ਸੁੱਤਿਆਂ ਪਿਆਂ ਨੂੰ ਫਿਰ ਸੁਣਾਈ ਦਿੱਤੀਆਂ। ਪਿਤਾ ਜੀ ਸ਼ੁਰੂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਘਰ ਰੱਖਦੇ ਸਨ। ਅਗਲੀ ਰਾਤ ਆਪਣੇ ਸਿਰਹਾਣੇ ਵੱਲ ਮੇਜ਼ ਦੇ ਉਪਰ ਸੁੰਦਰ ਵਿਛਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਤੇ ਸੌਂ ਗਏ।
ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਤੇ ਇਹ ਬਚਨ ਕਰਦੇ ਹੋਏ (ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਦੇ ਹੋਏ) ਫੁਰਮਾਇਆ ਕਿ- ਜੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਆਦਰ (ਅਦਬ) ਤੇ ਸਤਿਕਾਰ ਕੀਤਾ ਜਾਏ ਤਾ ਲਾਭ ਹੀ ਲਾਭ ਹੈ ਤੇ ਜੇ ਬੇਅਦਬੀ ਹੋ ਜਾਏ ਤਾਂ ਸਿੱਖ ਉਸ ਦਾ ਕਦੀ ਹਿਸਾਬ ਨਹੀਂ ਚੁਕਾ ਸਕਦਾ।
ਪਿਤਾ ਜੀ ਇਸ਼ਾਰਾ ਸਮਝ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਬਹੁਤ ਹੀ ਸਤਿਕਾਰ ਦਾ ਤੇ ਸੇਵਾ ਦਾ ਪ੍ਰਬੰਧ ਕੀਤਾ।
ਪਹਿਲੇ ਮਿਲਾਪ ਦੇ ਬਾਅਦ ਪਿਤਾ ਜੀ ਦੇ ਦਿਲ ਅਤੇ ਦਿਮਾਗ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਛਾ ਗਏ ਤੇ ਉਹ ਇਸ ਤਰ੍ਹਾਂ ਮਹਿਸੂਸ ਕਰਨ ਲੱਗੇ ਕਿ ਇਨ੍ਹਾਂ ਨਾਲ ਤਾਂ ਜਨਮਾਂ ਜਨਮਾਂ ਅਤੇ ਜੁਗਾਂ ਜੁਗਾਂਤਰਾਂ ਤੋਂ ਸਬੰਧ ਚੱਲਿਆ ਆ ਰਿਹਾ ਹੈ।
ਇਹ 1955 ਦੀ ਗੱਲ ਹੈ ਜਦੋਂ ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਾਖਸ਼ਾਤ ਪ੍ਰਗਟ ਕਰ ਲਿਆ ਤੇ ਕੁਝ ਦਿਨ ਬਾਅਦ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਉਸੇ ਰੂਪ ਵਿੱਚ ਦਰਸ਼ਨ ਦਿੱਤੇ ਜਿਸ ਰੂਪ ਵਿੱਚ ਪ੍ਰਗਟ ਹੋ ਕੇ ਉਨ੍ਹਾਂ ਨੇ ਘੋੜੇ ਨੂੰ ਠੀਕ ਰਸਤੇ ਵੱਲ ਮੋੜਿਆ ਸੀ। ਫਿਰ ਪਿਤਾ ਜੀ ਨੂੰ ਬਾਬਾ ਜੀ ਨੇ ਕਈ ਪੁਰਾਣੇ ਰਾਜ਼ ਦੱਸੇ ਅਤੇ ਇਹ ਵੀ ਦੱਸਿਆ ਕਿ ਪਿਤਾ ਜੀ, ਭਗਵਾਨ ਕ੍ਰਿਸ਼ਨ ਦੇ ਉਸ ਯੁਗ ਦੇ ਵਿੱਚ ਉਨ੍ਹਾਂ ਦੇ ਕਿਹੜੇ ਪਿਆਰੇ ਸੇਵਕ ਸਨ।
ਇਨ੍ਹਾਂ ਦੋਨਾਂ ਮੌਕਿਆਂ ਵੇਲੇ ਤਾਂ ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਵੀ ਨਹੀਂ ਕੀਤੇ ਸਨ ਪਰ ਬਾਬਾ ਨੰਦ ਸਿੰਘ ਜੀ ਮਹਾਰਾਜ ਆਪਣੇ ਪਿਆਰੇ ਨਾਲ ਸ਼ੁਰੂ ਤੋਂ ਹੀ ਕਿਸ ਤਰ੍ਹਾਂ ਵਰਤ ਰਹੇ ਸਨ।
ਇਹੀ ਸਾਰੀ ਵਾਰਤਾ ਦਸਦਿਆਂ ਹੋਇਆਂ ਮੈਨੂੰ ਉਨ੍ਹਾਂ ਨੇ ਅੱਗੇ ਸਮਝਾਇਆ-
ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 94
ਸਤਿਗੁਰੂ ਹੀ ਬਚਪਨ ਤੋਂ ਲੈ ਕੇ ਅਖ਼ੀਰ ਤੱਕ ਅੰਗ ਸੰਗ ਰਹਿੰਦਾ ਹੈ ਅਤੇ ਉਹੀ ਅਸਲੀ ਮਿੱਤਰ ਹੈ।
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 94
ਕਈ ਵਾਰ ਸਲਾਮੀ ਦੇਂਦੇ ਹੋਏ ਅਤੇ ਬਚਨ ਕਰਦੇ ਹੋਏ ਪਿਤਾ ਜੀ ਇਉਂ ਵੀ ਕਹਿੰਦੇ ਸਨ-
ਮੇਰਾ ਬਾਪੂ, ਮੇਰਾ ਸਾਹਿਬ, ਮੇਰਾ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ।
ਸਤਿਗੁਰੂ ਹੀ ਐਸਾ ਸੱਚਾ ਪਿਤਾ ਹੈ ਜਿਹੜਾ ਆਪਣੇ ਬਾਲਕ, ਆਪਣੇ ਬੱਚੇ ਦੀ ਕਦੇ ਵੀ ਬਾਂਹ ਨਹੀਂ ਛੱਡਦਾ।
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 819
ਗੁਰੂ ਨਾਨਕ ਦਾਤਾ ਬਖਸ਼ ਲੈ॥ ਬਾਬਾ ਨਾਨਕ ਬਖਸ਼ ਲੈ॥
Smast Ilahi Jot Baba Nand Singh Ji Maharaj, Part 3
By: Brig. Partap Singh Ji Jaspal

Comments
Post a Comment