ਮੌਤ ਨੂੰ ਸਦਾ ਚੇਤੇ ਰੱਖੋ - ਬਾਬਾ ਜੀ ਜ਼ੋਰ ਦੇ ਕੇ ਕਹਿੰਦੇ ਸਨ
ਜਿਹੜਾ ਮਨੁੱਖ ਮੌਤ ਨੂੰ ਸਦਾ ਚੇਤੇ ਰੱਖਦਾ ਹੈ, ਕੇਵਲ ਉਹ ਹੀ ਇਸ ਜੀਵਨ ਵਿੱਚ ਮਿਲੇ ਗਿਣੇ-ਮਿਥੇ ਸੁਆਸਾਂ ਦੀ ਦੌਲਤ ਦੀ ਕੀਮਤ ਨੂੰ ਜਾਣਦਾ ਹੈ |
ਇਕ ਵਾਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਇਕ ਰਾਜਾ ਆਇਆ | ਰਾਜੇ ਨੇ ਇਲਾਹੀ ਦਰਬਾਰ ਦਾ ਰਸ ਮਾਨਣ ਉਪਰੰਤ ਅਤਿ ਸੁੰਦਰ ਤੇ ਸੂਰਬੀਰ ਯੋਧੇ ਵੇਖ ਕੇ ਦਸ਼ਮੇਸ਼ ਪਿਤਾ ਜੀ ਨੂੰ ਇਕ ਸਿੱਧਾ ਪੱਧਰਾ ਪ੍ਰਸ਼ਨ ਕਰ ਦਿੱਤਾ-
ਸੰਗਤ ਵਿੱਚ ਸੁੰਦਰ ਔਰਤਾਂ ਦੀ ਹਾਜ਼ਰੀ, ਮਨੁੱਖ ਦੇ ਵਿੱਚਾਰਾਂ ਤੇ ਕੀ ਅਸਰ ਪਾਉਂਦੀ ਹੈ?
ਗੁਰੂ ਜੀ ਨੇ ਬੜੇ ਧੀਰਜ ਨਾਲ ਉਸਦਾ ਪ੍ਰਸ਼ਨ ਸੁਣਿਆ | ਦਸਮੇਸ਼ ਪਿਤਾ ਜੀ ਨੇ ਰਾਜੇ ਨੂੰ ਦੱਸਿਆ -
ਸੱਤਵੇਂ ਦਿਨ ਤੇਰੀ ਮੌਤ ਹੋ ਜਾਵੇਗੀ | ਜਾਹ, ਜਾ ਕੇ ਆਪਣੇ ਸੰਸਾਰਕ ਕੰਮ ਅਤੇ ਆਪਣੇ ਰਹਿੰਦੇ ਚਾਅ ਪੂਰੇ ਕਰ ਲੈ, ਤਾਂ ਜੋ ਤੂੰ ਸੁੱਖ ਦੀ ਮੌਤ ਮਰ ਸਕੇਂ |
ਰਾਜਾ ਆਪਣੇ ਮਹਿਲਾਂ ਨੂੰ ਵਾਪਸ ਚਲਾ ਗਿਆ | ਜਦੋਂ ਸੱਤਵਾਂ ਦਿਨ ਆਇਆ ਤਾਂ ਉਸ ਨੇ ਮਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਬੇਨਤੀਆਂ ਕੀਤੀਆਂ | ਗੁਰੂ ਗੋਬਿੰਦ ਸਾਹਿਬ ਨੇ ਦਰਸ਼ਨ ਦਿਤੇ ਅਤੇ ਰਾਜੇ ਨੂੰ ਪੁੱਛਿਆ -
ਕੀ ਉਸ ਨੇ ਆਪਣੀਆਂ ਇੱਛਾਵਾਂ ਭੋਗ ਲਈਆਂ ਹਨ?
ਰਾਜਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ -
ਉਸ ਦੇ ਸਿਰ ਤੇ ਮੌਤ ਦਾ ਡਰ ਮੰਡਰਾਉਂਦਾ ਰਹਿਣ ਕਾਰਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਉਸ ਦੇ ਨੇੜੇ ਹੀ ਨਹੀਂ ਆਏ |
ਇਹ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ - ਸੱਚਾ ਸਿੱਖ ਮੌਤ ਨੂੰ ਹਮੇਸ਼ਾ ਯਾਦ ਰੱਖਦਾ ਹੈ |
ਗੁਰੂ ਜੀ ਦੀ ਪਵਿੱਤਰ ਸੰਗਤ ਵਿੱਚ ਕਾਮ ਕ੍ਰੋਧ ਆਦਿ ਉਸਦੇ ਨੇੜੇ ਨਹੀ ਢੁੱਕ ਸਕਦੇ| ਮੌਤ ਤਾ ਖ਼ਿਆਲ ਅਮਰ ਜੀਵਨ ਪਦ ਦੀ ਪ੍ਰਾਪਤੀ ਵਾਸਤੇ ਕੁੰਜੀ ਹੈ |
ਇਹ ਸਰੀਰ ਸਾਡੇ ਜੀਵਨ ਦੀ ਆਧਾਰ-ਜੋਤ ਦਾ ਇਕ ਪ੍ਰਤੀਬਿੰਬ ਹੈ, ਸੰਸਾਰੀ ਲੋਕ ਸਾਰਾ ਜੀਵਨ ਅਗਿਆਨਤਾ ਵਿੱਚ ਰਹਿੰਦੇ ਹਨ | ਫਲਸਰੂਪ ਉਹ ਸਾਰੇ ਜੀਵਨ ਦੀ ਆਧਾਰ ਸ਼ਕਤੀ ਤੋਂ ਅਨਜਾਣ ਤੇ ਬੇਖ਼ਬਰ ਰਹਿ ਜਾਂਦੇ ਹਨ | ਉਹ ਆਪਣੇ ਨਾਸ਼ਵਾਨ ਸਰੀਰ, ਅਤੇ ਮਨ ਦੀ ਹਉਂਮੈ ਦੀ ਪੂਰਤੀ ਦੇ ਯਤਨਾ ਵਿੱਚ ਸਾਰੀ ਸ਼ਕਤੀ ਫਜ਼ੂਲ ਗਵਾ ਲੈਂਦੇ ਹਨ |
ਇਹ ਜੀਵਨ ਇਕ ਸੁਪਨਾ ਹੈ, ਮੌਤ ਇਕ ਸੱਚ ਅਤੇ ਠੋਸ ਸਚਾਈ ਹੈ |
ਦਾਤਿ ਪਿਆਰੀ ਵਿਸਰਿਆ ਦਾਤਾਰਾ ||
ਜਾਣੈ ਨਾਹੀ ਮਰਣੁ ਵਿਚਾਰਾ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 676
ਇੰਦਰਿਆਵੀ ਲੋੜਾਂ ਅਤੇ ਸੁੱਖਾਂ ਵਿੱਚ ਲਗਾਤਾਰ ਮਨੁੱਖ ਦੁਨੀਆਂਦਾਰੀ ਲਾਭਾਂ ਅਤੇ ਸੁੱਖਾਂ ਦੀ ਭਾਲ ਵਿੱਚ ਭਟਕਦਾ ਰਹਿੰਦਾ ਹੈ | ਇਸ ਤਰ੍ਹਾਂ ਅਸੀਂ ਰੂਹਾਨੀਅਤ ਦੀ ਦਾਤ ਅਤੇ ਰੂਹਾਨੀ ਮੰਡਲ ਤੋਂ ਦੂਰ ਰਹਿੰਦੇ ਹਾਂ, ਮੌਤ ਦੀ ਯਾਦ ਹੀ ਸਾਡਾ ਬਚਾਓ ਕਰ ਸਕਦੀ ਹੈ |
ਮਾਇਆ ਦੀ ਮੱਦ ਦੇ ਨਸ਼ੇ ਵਿੱਚ ਇਹ ਨਾਸ਼ਵਾਨ ਜੀਵ ਮੌਤ ਨੂੰ ਭੁਲਾ ਦਿੰਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਨਹੀਂ ਲਗਦਾ ਕਿ ਉਹ ਕਿਹੜੀਆਂ ਗੱਲਾਂ ਕਰਦਾ ਹੈ |
ਕਾਲੁ ਨ ਆਵੈ ਮੂੜੇ ਚੀਤਿ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 267
ਕੇਵਲ ਮੂਰਖ ਲੋਕ ਹੀ ਮੌਤ ਨੂੰ ਯਾਦ ਨਹੀਂ ਰੱਖਦੇ | ਸਾਨੂੰ ਗਿਣਵੇਂ ਸੁਆਸ ਮਿਲੇ ਹਨ | ਇਸ ਸਰੀਰ ਅਤੇ ਜੀਵਨ ਦੀਆਂ ਅਸਥਾਈ ਲੋੜਾਂ ਦੀ ਪੂਰਤੀ ਵਿੱਚ ਹਰ ਰੋਜ਼ ਹਜ਼ਾਰਾ ਕੀਮਤੀ ਸੁਆਸ ਵਿਅਰਥ ਚਲੇ ਜਾਂਦੇ ਹਨ | ਪੰਜਾਂ ਤੱਤਾਂ ਤੋਂ ਬਣੇ ਇਸ ਨਾਸ਼ਵਾਨ ਸਰੀਰ ਨਾਲ ਮੋਹ ਕਰਨਾ ਵਿਅਰਥ ਹੈ |
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ||
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1427
ਜਿੰਨਾ ਕੋਈ ਇਸ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ ਓਨਾ ਹੀ ਗੁਰੂ ਅਤੇ ਪਰਮੇਸ਼ਰ ਜੀ ਦੀ ਇਲਾਹੀ ਗੋਦ ਵਿੱਚ ਸਮਾਇਆ ਰਹਿੰਦਾ ਹੈ | ਜਿੰਨਾ ਅਸੀ ਨਾਸ਼ਵਾਨ ਸਰੀਰ ਦੇ ਬੰਧਨਾਂ ਤੇ ਹਉਂਮੈ ਤੋਂ ਆਜ਼ਾਦ ਹੋਵਾਂਗੇ, ਓਨੀ ਹੀ ਵਧੇਰੇ ਸਾਡੀ ਸੁਰਤ ਪ੍ਰਭੂ ਨਾਮ ਦੀ ਸਿਮਰਨ ਵਿੱਚ ਲੀਨ ਹੋਵੇਗੀ |
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ||
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ |
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 133
ਜੋ ਵੀ ਪੈਦਾ ਹੋਇਆ ਹੈ, ਉਸ ਦਾ ਅੰਤ ਮੌਤ ਹੈ | ਇਸ ਲੋਕ ਤੇ ਪਰਲੋਕ ਵਿੱਚ ਕੇਵਲ ਪਰਮੇਸ਼ਰ ਦਾ ਨਾਮ ਹੀ ਸਹਾਈ ਹੋਵੇਗਾ | ਨਾਮ ਦੇ ਸਹਾਰੇ ਹੀ ਅਸੀਂ ਇਹ ਭਿਆਨਕ ਸਾਗਰ ਪਾਰ ਕਰ ਸਕਦੇ ਹਾਂ, ਪ੍ਰਭੂ ਨਾਲ ਲਿਵ ਜੋੜ ਸਕਦੇ ਹਾਂ |
ਜੀਵ ਇਸ ਸੰਸਾਰ ਵਿੱਚ ਇਕੱਲਾ ਹੀ ਆਉਂਦਾ ਹੈ ਅਤੇ ਇਕੱਲਾ ਹੀ ਚਲਾ ਜਾਂਦਾ ਹੈ | ਕੇਵਲ ਪ੍ਰਭੂ ਦਾ ਅੰਮ੍ਰਿਤ ਨਾਮ ਹੀ ਜੀਵ ਦੀ ਸਹਾਇਤਾ ਕਰਕੇ ਉਸਨੂੰ ਜਨਮ ਮਰਨ ਤੋਂ ਬਚਾ ਸਕਦਾ ਹੈ |
ਜਿਵੇਂ ਉਹ ਚਿੱਠੀ ਹੀ ਨੀਯਤ ਨਿਸ਼ਾਨੇ ਤੇ ਪਹੁੰਚਦੀ ਹੈ ਜਿਸ ਉਪਰ ਠੀਕ ਪਤਾ ਲਿਖਿਆ ਹੁੰਦਾ ਹੈ ਅਤੇ ਅਧੂਰੇ ਪਤੇ ਵਾਲੀ, ਜਾਂ ਬੇਰੰਗ ਚਿੱਠੀ ਰੁਲ ਜਾਂਦੀ ਹੈ | ਇਸੇ ਤਰ੍ਹਾਂ ਅਸੀਂ ਜਿਹੜੇ ਸੁਆਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ, ਪ੍ਰੇਮ ਅਤੇ ਪੂਜਾ ਵਿੱਚ ਗੁਜ਼ਾਰਦੇ ਹਾਂ, ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ਵਿੱਚ ਪਹੁੰਚ ਜਾਂਦੇ ਹਨ ਅਤੇ ਨਾਸ਼ਵਾਨ ਵਸਤਾਂ ਦੀ ਪ੍ਰਾਪਤੀ ਵਿੱਚ ਗੁਜ਼ਾਰੇ ਸੁਆਸ ਨਾਸ਼ ਹੋ ਜਾਂਦੇ ਹਨ ਤੇ ਰੁਲ ਜਾਂਦੇ ਹਨ |
ਬਾਬਾ ਨੰਦ ਸਿੰਘ ਜੀ ਮਹਾਰਾਜ
ਇਹ ਅਨਮੋਲ ਸੁਆਸ ਲੱਖਾਂ ਨਾਲ ਵੀ ਨਹੀਂ ਖਰੀਦੇ ਜਾ ਸਕਦੇ| ਇਹ ਸੁਆਸ ਮੁਲ ਨਹੀਂ ਵਿਕਦੇ|
ਬਾਬਾ ਨੰਦ ਸਿੰਘ ਜੀ ਮਹਾਰਾਜ
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ
ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 1)
Comments
Post a Comment