ਖ਼ਾਲਸੇ ਦਾ ਜਨਮ ਦਿਨ
ਸਾਧ ਸੰਗਤ ਜੀ ਅੱਜ ਆਪਾਂ ਉਸ ਖ਼ਾਲਸੇ ਦਾ ਜਨਮ ਦਿਨ ਮਨਾ ਰਹੇ ਹਾਂ, ਅੱਜ ਉਸ ਅਮਰ ਗਾਥਾ ਦਾ ਇਕ ਹੋਰ ਸੁਨਹਿਰੀ ਪੰਨਾ ਖੋਲ੍ਹ ਕੇ ਉਹਦੇ ਵੀ ਦਰਸ਼ਨ ਕਰ ਲਈਏ।
ਦਸ਼ਮੇਸ਼ ਪਿਤਾ ਮੇਰੇ ਸਾਹਿਬ ਸੰਦੇਸ਼ ਭੇਜਦੇ ਹਨ, ਸਾਰੀ ਸੰਗਤ ਨੂੰ ਬੁਲਾਉਂਦੇ ਹਨ, ਸਾਰੇ ਸਿੱਖ ਹਾਜ਼ਿਰ ਹੁੰਦੇ ਹਨ 'ਅਨੰਦਪੁਰ ਸਾਹਿਬ'। ਅੱਸੀ ਹਜਾਰ ਸਿੱਖ ਹੈ, ਉਡੀਕ ਰਹੇ ਹਨ, ਸਤਿਗੁਰੂ ਦੀ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਦੇ ਹੁਕਮ ਦੀ ਇੰਤਜਾਰ ਕਰ ਰਹੇ ਹਨ।
ਸਤਿਗੁਰੂ ਬਾਹਰ ਤਸ਼ਰੀਫ ਲਿਆਉਂਦੇ ਹਨ, ਸਾਰੇ ਨਮਸਕਾਰ ਕਰਦੇ, ਮੱਥਾ ਟੇਕਦੇ ਹਨ।
ਸਾਹਿਬ ਪੁੱਛਦੇ ਹਨ- ਤੁਸੀਂ ਕੌਣ ਹੋ ?
(ਸੰਗਤ)- ਗਰੀਬ ਨਿਵਾਜ, ਸਿੱਖ।
(ਸਾਹਿਬ)- ਕਿਸਦੇ ਸਿੱਖ ?
(ਸੰਗਤ)- ਸੱਚੇ ਪਾਤਸ਼ਾਹ ਤੁਹਾਡੇ ਸਿੱਖ।
(ਸਾਹਿਬ)- ਅਸੀਂ ਕੌਣ ਹਾਂ?
(ਸੰਗਤ)- ਗਰੀਬ ਨਿਵਾਜ਼ ਸਾਡੇ ਗੁਰੂ।
ਇਸ ਰਿਸ਼ਤੇ ਨੂੰ ਯਾਦ ਕਰਾਉਂਦੇ ਹੋਏ ਫਿਰ ਸਿੱਖ ਤੇ ਗੁਰੂ ਦੇ ਰਿਸ਼ਤੇ ਦਾ ਇੱਕ ਪਰਚਾ ਪਾਉਂਦੇ ਹਨ, ਇੱਕ ਇਮਤਿਹਾਨ ਲੈਂਦੇ ਹਨ।
ਸਿੱਖ ਅਤੇ ਗੁਰੂ ਦਾ ਰਿਸ਼ਤਾ ਹੈ ਕੀ ?
ਫੁਰਮਾਉਂਦੇ ਹਨ- ਅੱਜ ਗੁਰੂ ਨੂੰ ਆਪਣੇ ਸਿੱਖਾਂ ਤੋਂ ਇੱਕ ਲੋੜ ਪੈ ਗਈ ਹੈ।
ਸਾਰੇ ਉੱਠ ਕੇ ਖੜ੍ਹੇ ਹੋ ਗਏ,
(ਸੰਗਤ)-ਸੱਚੇ ਪਾਤਸ਼ਾਹ ਹੁਕਮ ਕਰੋ, ਅਸੀਂ ਹਾਜ਼ਰ ਹਾਂ।
ਉਨ੍ਹਾਂ ਦੇ ਹੱਥ ਉੱਤੇ ਕਰਨ ਦੀ ਹੀ ਦੇਰ ਸੀ, ਸ੍ਰੀ ਸਾਹਿਬ (ਕਿਰਪਾਨ) ਨੂੰ ਕੱਢ ਲਿਆ, ਸ੍ਰੀ ਸਾਹਿਬ (ਨੰਗੀ ਤਲਵਾਰ) ਲਿਸ਼ਕਾਂ ਮਾਰ ਰਹੀ ਹੈ।
ਫੁਰਮਾਉਣ ਲੱਗੇ- ਅੱਜ ਗੁਰੂ ਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ।
ਸਾਰੇ ਹੀ ਸਿੱਖ ਬੈਠ ਗਏ, ਸਾਧ ਸੰਗਤ ਜੀ ਸੋਚਾਂ 'ਚ ਪੈ ਗਏ।
ਸਾਹਿਬ ਨੇ ਫਿਰ ਫੁਰਮਾਇਆ- ਅੱਜ ਗੁਰੂ ਇੱਕ ਸੀਸ ਮੰਗਦਾ ਹੈ ਆਪਣੇ ਸਿੱਖਾਂ ਕੋਲੋਂ।
ਕੈਸਾ ਰਿਸ਼ਤਾ ਹੈ ?
ਗੁਰੂ ਨਾਨਕ ਪਾਤਸ਼ਾਹ ਦੇ ਉਸ ਪ੍ਰੇਮ ਦੇ ਖੇਡ ਦਾ ਬਿਆਨ ਕਰਦੇ ਹੋਏ
ਸੱਚੇ ਪਾਤਸ਼ਾਹ ਫੁਰਮਾਉਂਦੇ ਹਨ-
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
ਇਸ ਪ੍ਰੇਮ ਦੀ ਅਮਰ ਗਾਥਾ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹਨ। ਇਸ ਪ੍ਰੇਮ ਦੇ ਵਿੱਚ ਉਸ ਨੂੰ ਪਾਉਣ ਦਾ ਕੀ ਤਰੀਕਾ ਦੱਸਦੇ ਹਨ? ਅਜ ਦਸਮੇਸ਼ ਪਿਤਾ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨੂੰ ਸੱਚੇ ਪਾਤਸ਼ਾਹ ਕਿਸ ਤਰੀਕੇ ਨਾਲ ਸਪਸ਼ਟ ਕਰ ਰਹੇ ਹਨ।
ਦਸਮੇਸ਼ ਪਿਤਾ- ਗੁਰੂ ਨੂੰ ਇੱਕ ਸੀਸ ਦੀ ਲੋੜ ਹੈ, ਇੱਕ ਸੀਸ ਦੀ ਮੰਗ ਹੈ।
ਇੱਕ ਗਰੀਬੜਾ ਜਿਹਾ ਸਿੱਖ ਪਿੱਛੇ ਬੈਠਾ ਹੈ, ਸੰਗਤਾਂ ਦੇ ਜੋੜੇ ਸਾਫ ਕਰ ਰਿਹਾ ਹੈ, ਉਠਿਆ ਹੈ ਸਾਹਿਬ ਦੇ ਚਰਨਾਂ 'ਚ ਪਹੁੰਚਿਆ ਹੈ, ਸਾਹਿਬ ਦੇ ਚਰਨਾਂ 'ਚ ਆਪਣਾ ਸੀਸ ਭੇਂਟ ਕਰ ਦਿੱਤਾ ਹੈ ਭਾਈ ਦਇਆ ਸਿੰਘ ਜੀ ਨੇ। ਚਾਰ ਹੋਰ ਵਾਰੀ ਵਾਰੀ ਉਠੇ, ਅੱਸੀ ਹਜ਼ਾਰ ਚੋਂ ਸਿਰਫ ਪੰਜ ਉੱਠੇ ਹਨ, ਪੰਜ ਉਠ ਕੇ ਸਾਹਿਬ ਦੇ ਚਰਨਾਂ ਵਿੱਚ ਆਏ, ਸਾਹਿਬ ਦੇ ਚਰਨਾਂ ਵਿੱਚ ਆ ਕੇ ਸੀਸ ਭੇਂਟ ਕਰ ਦਿੱਤਾ।
ਸਾਹਿਬ ਉਨ੍ਹਾਂ ਨੂੰ ਵਾਰੀ-ਵਾਰੀ ਅੰਦਰ ਲੈ ਗਏ, ਹੁਣ ਉਨ੍ਹਾਂ ਪੰਜਾਂ ਨੂੰ ਜਿਹੜੇ ਆਪਣਾ ਸੀਸ ਤਲੀ ਤੇ ਰੱਖ ਕੇ ਸਾਹਿਬ ਦੇ ਚਰਨਾਂ 'ਚ ਪਹੁੰਚੇ ਸਨ, ਉਨ੍ਹਾਂ ਨੂੰ ਬਾਹਰ ਲਿਆਂਦਾ। ਜਿਸ ਵਕਤ ਸੰਗਤ ਨੇ ਉਨ੍ਹਾਂ ਪੰਜਾਂ ਦੇ ਦਰਸ਼ਨ ਕੀਤੇ, ਗਦ ਗਦ ਹੋ ਗਏ।
ਇੱਕ ਨਿਰਾਲਾ ਸਰੂਪ ਹੈ, ਸਾਹਿਬ ਉਨ੍ਹਾਂ ਨੂੰ ਪੰਜਾਂ ਨੂੰ ਲਿਆਉਂਦੇ ਹਨ, ਸੰਗਤ ਉਨ੍ਹਾਂ ਦੇ ਦਰਸ਼ਨ ਕਰਦੀ ਹੈ।
ਜਿਨ੍ਹਾਂ ਨੇ ਪ੍ਰੇਮ ਵਿੱਚ ਅਪਣੇ ਆਪ ਨੂੰ ਭੇਂਟ ਕਰ ਦਿੱਤਾ ਹੈ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਨਾਲ ਪਿਆਰ ਕੀਤਾ ਹੈ ਅੱਜ ਉਸ ਦੀ ਕਦਰ ਕਿਸ ਤਰ੍ਹਾਂ ਪਾਉਂਦੇ ਹਨ, ਉਸ ਪ੍ਰੇਮ ਨੂੰ ਕਿਸ ਤਰ੍ਹਾਂ ਜੀ ਆਇਆਂ ਕਹਿੰਦੇ ਹਨ ਦਸਮੇਸ਼ ਪਿਤਾ। ਸਾਧ ਸੰਗਤ ਜੀ ਥੋੜ੍ਹਾ ਜਿਹਾ ਵਿੱਚਾਰੀਏ ਅਸੀਂ ਵੀ ਜਾਗੀਏ। ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਉਸ ਹੁਕਮ ਤੇ...।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹੁਕਮ ਕੀ ਹੈ?
ਆਪਾਂ ਪ੍ਰੇਮ ਦੀ ਝਲਕ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰੀਏ, ਸਾਹਿਬ ਪਹਿਲੇ ਹੁਕਮਨਾਮੇ 'ਚ ਕੀ ਫੁਰਮਾਉਂਦੇ ਹਨ? ਮੂਲ ਮੰਤ੍ਰ ਤੋਂ ਬਾਅਦ ਜਦੋਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਆਰੰਭ ਹੁੰਦੀ ਹੈ,
ਸਾਧ ਸੰਗਤ ਜੀ ਅੱਸੀ ਹਜ਼ਾਰ ਦੀ ਸੰਗਤ ਬੈਠੀ ਹੈ, ਜਦੋਂ ਸੀਸ ਮੰਗਿਆ ਹੈ, ਸੋਚਾਂ 'ਚ ਪੈ ਗਈ ਹੈ।
ਇਹ ਸੋਚ ਹੈ ਕੀ ?
ਮਨ ਉਦੋਂ ਤੱਕ ਸੋਚਦਾ ਹੈ ਜਦੋਂ ਤੱਕ ਆਪਣਾ ਹੈ। ਜਦ ਮਨ ਹੀ ਗੁਰੂ ਦੇ ਚਰਨਾਂ 'ਚ ਦੇ ਦਿੱਤਾ ਹੈ ਤਾਂ ਸੋਚੇ ਕੌਣ।
ਸਾਧ ਸੰਗਤ ਜੀ, ਉਹ ਸੋਚ ਤੋਂ ਬਹੁਤ ਉੱਚਾ ਹੈ, ਉਹ ਸੋਚ ਦੀ ਪਕੜ ਵਿੱਚ ਆਉਂਦਾ ਹੀ ਨਹੀਂ। ਇਸ ਕਰਕੇ ਸਾਰੇ ਸਿੱਖ ਸੋਚਾਂ ਵਿੱਚ ਪਏ ਰਹੇ ਸਨ ਪਰ ਭਾਈ ਦਇਆ ਸਿੰਘ ਸੋਚ ਵਿੱਚਾਰ ਤੋਂ ਪਰੇ ਹਨ। ਉੱਠੇ ਹਨ, ਆਪਣੀ ਸੋਚ ਛੱਡ ਬੈਠੇ ਹਨ, ਆਪਣਾ ਸੀਸ ਤਲੀ ਤੇ ਰੱਖ ਕੇ ਗੁਰੂ ਦੇ ਚਰਨਾਂ 'ਚ ਪੇਸ਼ ਹੋ ਜਾਂਦੇ ਹਨ। ਗੁਰੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ, ਗੁਰੂ ਨੂੰ ਹੀ ਆਪਣਾ ਸਭ ਕੁੱਝ ਅਰਪਨ ਕਰ ਚੁੱਕੇ ਹਨ।
ਸਾਧ ਸੰਗਤ ਜੀ ਉਸ ਪ੍ਰੇਮ ਨੂੰ ਫਿਰ ਦਸਮੇਸ਼ ਪਿਤਾ ਅਪਣੀ ਗਲਵੱਕੜੀ 'ਚ ਲੈ ਲੈਦੇਂ ਹਨ। ਉਨ੍ਹਾਂ ਨੂੰ ਕਿਸ ਤਰ੍ਹਾਂ ਆਪਣੇ ਕਰ ਕਮਲਾਂ ਨਾਲ ਅੰਮ੍ਰਿਤ ਤਿਆਰ ਕਰਕੇ ਛਕਾਉਂਦੇ ਹਨ। ਫਿਰ ਸੱਚੇ ਪਾਤਸ਼ਾਹ ਨੇ ਉਨ੍ਹਾਂ ਦਾ ਪ੍ਰੇਮ ਛਕਿਆ ਹੈ।
ਤਾ ਅਟਲੁ ਅਮਰੁ ਨ ਮੁਆ॥
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ
ਫਿਰਿ ਲੇਖਾ ਮੂਲਿ ਨ ਲਇਆ॥
ਅਵਰੁ ਨ ਜਾਣਾ ਦੂਆ ਤੀਆ॥
ਉਨ੍ਹਾਂ ਦੇ ਪ੍ਰੇਮ ਵਸ ਹੋਏ ਪ੍ਰੇਮ ਛਕ ਰਹੇ ਹਨ, ਪ੍ਰੇਮ ਨੂੰ ਜੀ ਆਇਆਂ ਕਹਿ ਰਹੇ ਹਨ ਅਤੇ ਆਪਣਾ ਪ੍ਰੇਮ ਉਨ੍ਹਾਂ ਨੂੰ ਛਕਾ ਰਹੇ ਹਨ।
ਸਾਧ ਸੰਗਤ ਨੂੰ ਕਹਿੰਦੇ ਹਨ ਕਿ- ਇਹ ਮੇਰੇ ਪੰਜ ਪਿਆਰੇ ਹਨ, ਇਹ ਮੇਰੇ ਹਨ।
ਸਾਧ ਸੰਗਤ ਜੀ ਜਿਸ ਵੇਲੇ ਉਹ ਮੇਰੇ ਕਹਿ ਰਹੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਉਨ੍ਹਾਂ ਦੇ ਪਿਆਰੇ ਹਨ ਅਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਆਰੇ ਹਨ, ਉਸ ਵੇਲੇ ਪਿਆਰ ਇੱਕ ਹੋ ਗਿਆ ਹੈ ਅਤੇ ਉਸ ਪਿਆਰ ਨੂੰ ਨਾਮ ਦਿੱਤਾ ਹੈ, ਖ਼ਾਲਸੇ ਦਾ।
ਖ਼ਾਲਸਾ ਜੀ, ਜੀ ਆਇਆਂ ਨੂੰ।
ਅਜ ਘੜੀ ਸੋਭਾਗੀ ਆਈ ਹੈ,
ਅੱਜ ਦਿਨ ਵਡਭਾਗੀ ਆਇਆ ਹੈ।
ਤੇਰਾ 300 ਸਾਲਾਂ ਜਨਮ ਦਿਵਸ
ਸੰਗਤਾਂ ਨੇ ਖ਼ੂਬ ਮਨਾਇਆ ਹੈ।
ਖ਼ਾਲਸਾ ਜੀ, ਜੀ ਆਇਆਂ ਨੂੰ,
ਖ਼ਾਲਸਾ ਜੀ, ਜੀ ਆਇਆਂ ਨੂੰ।
ਬਾਬਾ ਨਾਨਕ ਬਖਸ਼ ਲੈ॥
Comments
Post a Comment