ਨਿਮਰਤਾ ਦੇ ਪੁੰਜ - ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਖ਼ਬਰ ਦੇਸਾਂ-ਪ੍ਰੇਦਸਾਂ ਵਿੱਚ ਫੈਲ ਗਈ |
ਦੂਰ-ਦੂਰ ਤੋਂ ਸ਼ਰਧਾਲੂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਉਣ ਲਗ ਪਈਆਂ | ਕਾਬਲ ਦੀ ਸੰਗਤ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਰਹੀ ਸੀ | ਆਖ਼ਰੀ ਦਿਨ ਵਿਆਕੁਲ ਸੰਗਤ ਨੇ ਸਵੇਰੇ ਇਹ ਅਰਦਾਸਾ ਸੋਧ ਕੇ ਕਿ ਸ਼ਾਮ ਦੇ ਦੀਵਾਨ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੀ ਲੰਗਰ ਛਕਾਂਗੇ, ਆਪਣੇ ਆਖ਼ਰੀ ਪੜਾਉ ਤੋਂ ਚਾਲੇ ਪਾ ਦਿੱਤੇ ਪਰ ਨਾਲ ਬਿਰਧ ਪੁਰਸ਼ਾਂ, ਬੀਬੀਆਂ ਤੇ ਬੱਚਿਆਂ ਦੀ ਵਜ੍ਹਾ ਕਰਕੇ ਸੰਗਤ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਕੁਝ ਮੀਲ ਦੂਰ ਹੀ ਸੀ ਤਾਂ (ਰਾਹ ਵਿੱਚ) ਰਾਤ ਪੈ ਗਈ| ਦਿਨ ਦੇ ਸਫ਼ਰ ਨਾਲ ਉਹ ਥੱਕੇ ਥੱਕੇ ਅਤੇ ਭੁੱਖੇ ਮਹਿਸੂਸ ਕਰ ਰਹੇ ਸਨ|
ਇਧਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਆਪਣੇ ਹੱਥੀਂ ਤਰ੍ਹਾ-ਤਰ੍ਹਾਂ ਦੇ ਭੋਜਨ ਪਦਾਰਥ ਤਿਆਰ ਕਰਨ ਲਈ ਕਹਿ ਰਹੇ ਹਨ | ਭੋਜਨ ਪਦਾਰਥ ਤਿਆਰ ਹੋ ਗਏ | ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਭੋਜਨ-ਪਾਣੀ ਆਪਣੇ ਸੀਸ ਤੇ ਚੁੱਕ ਕੇ ਨੰਗੇ ਪੈਰੀਂ ਉਸ ਅਸਥਾਨ ਵੱਲ ਤੁੱਰ ਪੈਂਦੇ ਹਨ ਜਿੱਥੇ ਕਾਬਲ ਦੀ ਸੰਗਤ ਨੇ ਪੜਾਅ ਕੀਤਾ ਹੋਇਆ ਸੀ | ਗੁਰੂ ਜੀ ਤੇ ਮਾਤਾ ਜੀ ਨੇ ਥੱਕੀ ਤੇ ਭੁੱਖੀ ਸੰਗਤ ਨੂੰ ਆਪ ਭੋਜਨ ਪਾਣੀ ਛਕਾਇਆ| ਇੱਕ ਬਜ਼ੁਰਗ ਸ਼ਰਧਾਲੂ ਬਹੁਤ ਥੱਕਿਆ ਹੋਇਆ ਸੀ ਤੇ ਉਹ ਆਪਣੀਆਂ ਲੱਤਾਂ ਆਪ ਹੀ ਘੁੱਟ ਰਿਹਾ ਸੀ | ਸ੍ਰੀ ਗੁਰੂ ਅਰਜਨ ਸਾਹਿਬ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਇਹ ਸੇਵਾ ਕਰਨ ਦੀ ਆਗਿਆ ਲੈ ਕੇ ਬਜ਼ੁਰਗ ਦੀਆਂ ਲੱਤਾਂ ਘੁੱਟਣ ਲੱਗ ਪਏ | ਸਾਰੀ ਰਾਤ ਗੁਰੂ ਜੀ ਤੇ ਮਾਤਾ ਗੰਗਾ ਜੀ ਸੰਗਤ ਦੀ ਸੇਵਾ ਵਿੱਚ ਜੁਟੇ ਰਹੇ ਅਤੇ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ |
ਅੱਜ ਕੱਲ ਇਸ ਸਥਾਨ ਤੇ ਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਗੁਰਦਵਾਰਾ ਪਿੱਪਲੀ ਸਾਹਿਬ ਸੁਸ਼ੋਭਿਤ ਹੈ |
ਦਿਨ ਚੜ੍ਹਦਿਆਂ ਸਾਰ ਹੀ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਵੱਲ ਤੁਰ ਪਈ | ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸਾਰੀ ਸੰਗਤ ਨੇ ਆਪਣੇ ਜੋੜੇ ਉਤਾਰ ਦਿੱਤੇ | ਸੰਗਤ ਦੇ ਜਥੇਦਾਰ ਨੇ ਸੰਗਤ ਦੇ ਜੋੜਿਆਂ ਅਤੇ ਸਾਮਾਨ ਦੀ ਰਖਵਾਲੀ ਲਈ ਸੰਗਤ ਵਿੱਚੋਂ ਕਿਸੇ ਇੱਕ ਨੂੰ ਪਹਿਰਾ ਦੇਣ ਲਈ ਬੇਨਤੀ ਕੀਤੀ, ਪ੍ਰੰਤੂ ਹਰ ਕੋਈ ਪੰਜਵੇਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਤਾਵਲਾ ਸੀ | ਫਿਰ ਗੁਰੂ ਅਰਜਨ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਇਹ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਦਿੱਤਾ | ਸੰਗਤ ਪੰਜਵੇਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੰਦਰ ਚਲੀ ਗਈ ਪ੍ਰੰਤੂ ਗੁਰੂ ਜੀ ਆਪਣੇ ਸਿੰਘਾਸਣ ਤੇ ਬਿਰਾਜਮਾਨ ਨਹੀਂ ਸਨ | ਜਥੇਦਾਰ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਗੁਰੂ ਜੀ ਬਾਰੇ ਪੁੱਛਿਆ ਤਾਂ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਗੁਰੂ ਜੀ ਅਤੇ ਮਾਤਾ ਗੰਗਾ ਜੀ ਕਲ ਕਾਬਲ ਤੋਂ ਆ ਰਹੀ ਸੰਗਤ ਦੀ ਸੇਵਾ ਕਰਨ ਲਈ ਗਏ ਸਨ ਅਤੇ ਅਜੇ ਤੱਕ ਵਾਪਸ ਨਹੀਂ ਆਏ | ਜਥੇਦਾਰ ਜੀ ਨੇ ਬਾਬਾ ਬੁੱਢਾ ਜੀ ਨੂੰ ਦੱਸਿਆ ਕਿ ਪਿਛਲੀ ਰਾਤ ਬਹੁਤ ਮਸਕੀਨ ਤੇ ਸਾਦਾ ਇਸਤਰੀ ਪੁਰਸ਼ ਭੋਜਨ ਪਾਣੀ ਲੈ ਕੇ ਆਏ ਸਨ ਤੇ ਉਹ ਸਾਰੀ ਰਾਤ ਸੰਗਤ ਦੀ ਸੇਵਾ ਕਰਦੇ ਰਹੇ ਸਨ | ਜਦੋਂ ਜਥੇਦਾਰ ਜੀ ਨੇ ਇਹ ਦੱਸਿਆ ਕਿ ਉਹ ਉਸੇ ਪੁਰਖ ਨੂੰ ਸੰਗਤ ਦੇ ਜੋੜਿਆਂ ਤੇ ਸਾਮਾਨ ਦੀ ਰਖਵਾਲੀ ਕਰਨ ਲਈ ਬਾਹਰ ਬਿਠਾ ਕੇ ਆਏ ਹਨ ਤਾਂ ਬਾਬਾ ਬੁੱਢਾ ਜੀ ਸਮੇਤ ਸਾਰੀ ਸੰਗਤ ਬਾਹਰ ਨੂੰ ਤੁਰ ਪਈ |
ਨਿਮਰਤਾ ਦੇ ਪੁੰਜ ਗੁਰੂ ਜੀ ਰੂਹਾਨੀ ਵਿਸਮਾਦ ਵਿੱਚ ਸੰਗਤ ਦੇ ਜੋੜੇ ਸਾ੍ਹ ਕਰ ਰਹੇ ਸਨ | ਦਿਲ ਨੂੰ ਹਿਲਾਉਣ ਵਾਲੀ ਇਲਾਹੀ ਨਿਮਰਤਾ ਦੀ ਹੱਦ ਦੇਖ ਕੇ ਬਾਬਾ ਬੁੱਢਾ ਜੀ ਸਮੇਤ ਸਾਰੀ ਸੰਗਤ ਭੁੱਬਾਂ ਮਾਰ ਕੇ ਰੋਣ ਲੱਗ ਪਈ| ਬਾਬਾ ਬੁੱਢਾ ਜੀ ਨੇ ਅੱਖਾਂ ਵਿੱਚੋਂ ਨੀਰ ਵਹਾਉਂਦਿਆਂ ਬੇਨਤੀ ਕੀਤੀ- ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ! ਤੁਸੀਂ ਸਾਡੇ ਰੱਬ ਹੋ, ਨਾਚੀਜ਼ ਗਰੀਬਾਂ ਤੇ ਮਿਹਰ ਕਰੋ ਜੀ |
ਨਿਮਰ ਭਾਵ ਵਿੱਚ ਸੇਵਾ ਕਰ ਰਹੇ ਵਿਸਮਾਦੀ ਰੰਗ ਵਿੱਚ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਜੀ ਵੱਲ ਤੱਕ ਕੇ ਫੁਰਮਾਉਣ ਲਗੇ-
ਸੰਗਤ ਨੂੰ ਪੰਜਵੇਂ ਗੁਰੂ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋ ਗਈ | ਸਾਰੀ ਸੰਗਤ ਨੇ ਗੁਰੂ ਜੀ ਦੇ ਰੂਹਾਨੀ ਮੌਜ ਵਿੱਚ (ਸੰਗਤ ਦੇ) ਜੋੜੇ ਸਾ੍ਹ ਕਰਦਿਆਂ, ਦਰਸ਼ਨ ਕੀਤੇ | ਪ੍ਰਤੱਖ ਦਰਸ਼ਨ ਕਰਦਿਆਂ ਸੰਗਤਾਂ ਦੇ ਨੇਤਰਾਂ ਵਿੱਚੋਂ ਅੱਥਰੂਆਂ ਦੀ ਅਮੁੱਕ ਨਦੀ ਵਹਿ ਰਹੀ ਸੀ, ਜਿਸ ਨਾਲ ਉਨ੍ਹਾਂ ਦੇ ਅੰਦਰੋਂ "ਮੈਂ - ਮੇਰੀ" ਦੇ ਸਾਰੇ ਖ਼ਿਆਲ ਖ਼ਤਮ ਹੋ ਰਹੇ ਸਨ |
ਉਨ੍ਹਾਂ ਨੂੰ ਰੂਹਾਨੀਅਤ ਦੇ ਸਭ ਤੋਂ ਮਹਾਨ ਸਬਕ - ਅਰਥਾਤ 'ਭਗਤੀ ਵਿੱਚ ਨਿਮਰਤਾ ਅਤੇ ਨਿਮਰਤਾ ਵਿੱਚ ਭਗਤੀ' ਦੀ ਅਨਮੋਲ ਦਾਤ ਪ੍ਰਾਪਤ ਹੋ ਗਈ ਸੀ | ਪ੍ਰੇਮ, ਸ਼ਰਧਾ ਤੇ ਹੈਰਾਨੀ ਨਾਲ ਭਰੀ ਪਵਿੱਤਰ - ਸੰਗਤ ਇਲਾਹੀ ਨਿਮਰਤਾ ਤੇ ਪ੍ਰੇਮ ਦੇ ਸੱਚੇ ਪੈਗੰਬਰ - ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਢਹਿ ਪਈ |
ਜਦੋਂ ਦਇਆ ਦੇ ਸਾਗਰ ਗੁਰੂ ਜੀ ਨੇ ਪ੍ਰੇਮ ਦੇ ਸਰਬ ਸਾਂਝੇ ਧਰਮ ਦੇ ਪਵਿੱਤਰ ਗ੍ਰੰਥ ਦੀ ਸਿਰਜਣਾ ਕੀਤੀ, ਜਿਸ ਵਿੱਚ ਰੱਬੀ - ਨਿਮਰਤਾ ਅਤੇ ਸਾਰੀਆਂ ਰੂਹਾਨੀ ਬਰਕਤਾਂ ਮੌਜੂਦ ਹਨ ਤੇ ਫਿਰ ਜਦੋਂ ਗੁਰੂ ਜੀ ਨੇ ਮਾਨਵ ਜਾਤੀ ਦੇ ਅਥਾਹ ਪ੍ਰੇਮ ਵਿੱਚ ਸਭ ਤੋਂ ਵੱਡੀ ਕੁਰਬਾਨੀ ਦਿੱਤੀ - ਤੱਤੀ ਤਵੀ ਤੇ ਬੈਠੇ - ਤੱਤੀ ਰੇਤ ਸੀਸ ਤੇ ਪੁਆਈ ਤਾਂ ਮਾਨਵਜਾਤੀ ਨੂੰ ਗੁਰੂ ਅਰਜਨ ਸਾਹਿਬ ਦੇ 'ਪਰਤਖ੍ਹ ਹਰਿ' ਹੋਣ ਦਾ ਪੱਕਾ ਨਿਸ਼ਚਾ ਹੋ ਗਿਆ|
ਮਾਨਵਜਾਤੀ, ਸਦਾ ਅੰਗ ਸੰਗ ਹੋ ਕੇ ਉਧਾਰ ਕਰਨ ਵਾਲੇ ਗੁਰੂ ਅਰਜਨ ਸਾਹਿਬ ਦੇ ਰਿਣ ਨੂੰ ਜੁੱਗਾਂ ਜੁਗੰਤਰਾਂ ਵਿੱਚ ਨਹੀਂ ਚੁਕਾ ਸਕਦੀ |
ਪ੍ਰੇਮ ਦਾ ਫਲ ਪ੍ਰੇਮ ਹੈ | ਪ੍ਰੇਮ ਨਾਲ ਹੀ ਪ੍ਰੇਮ ਮਿਲਦਾ ਹੈ |
ਗੁਰੂ ਜੀ ਦੀ ਪਿਆਰੀ ਸੰਗਤ ਪੰਜਵੇਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸਿੱਕ ਰਖਦੀ ਹੈ, ਤਿਵੇਂ ਸਤਿਗੁਰੂ ਜੀ ਵੀ ਸੰਗਤ ਨੂੰ ਅੱਗੇ ਜਾ ਕੇ ਜੀਓ ਆਇਆਂ ਕਹਿ ਮਿਲਦੇ ਹਨ | ਜਿਵੇਂ ਸ਼ਰਧਾਲੂ ਸੰਗਤ ਗੁਰੂ ਜੀ ਦੀ ਸੇਵਾ ਕਰਨਾ ਲੋਚਦੀ ਹੈ, ਤਿਵੇਂ ਗੁਰੂ ਜੀ ਉਨ੍ਹਾਂ ਤੋਂ ਪਹਿਲਾਂ ਹੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਨ |
ਸੱਚਾ-ਪ੍ਰੇਮ ਜਵਾਬੀ ਖ਼ਤ ਵਾਂਗ ਹੁੰਦਾ ਹੈ |
ਜੇ ਸ਼ਰਧਾਲੂ ਸਿੱਖਾਂ ਦੇ ਦਿਲਾਂ ਅੰਦਰ ਸਤਿਗੁਰੂ ਜੀ ਲਈ ਸੱਚਾ ਪ੍ਰੇਮ ਹੈ ਤਾਂ ਸਤਿਗੁਰੂ ਜੀ ਦੇ ਪਵਿੱਤਰ ਹਿਰਦੇ ਵਿੱਚ ਵੀ ਆਪਣੇ ਸਿੱਖਾਂ ਲਈ ਅਥਾਹ ਪ੍ਰੇਮ ਹੈ |
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥
Comments
Post a Comment