ਅੰਮ੍ਰਿਤਧਾਰੀ ਸਿੱਖ ਦੀ ਰਹਿਣੀ

(ਇਕ ਸੀਨਅਰ ਸਬ ਜੱਜ ਜਿਸਨੇ ਪਹਿਲੀ ਵਾਰੀ ਦਰਸ਼ਨ ਕੀਤੇ ਸਨ, ਇਹ ਬਚਨ ਉਨ੍ਹਾਂ ਨੇ ਦੱਸੇ)।

ਝੰਘ ਮਘਿਆਣੇ ਦੇ ਰੇਲਵੇ ਸਟੇਸ਼ਨ ਤੇ, ਬਾਬਾ ਨੰਦ ਸਿੰਘ ਸਾਹਿਬ ਜੀ ਨੇ ਗੱਡੀ ਫੜਨੀ ਹੈ, ਬਹੁਤ ਸੰਗਤ ਇੱਕਠੀ ਹੋਈ, ਗੱਡੀ ਲੇਟ ਸੀ ਬਾਬਾ ਨੰਦ ਸਿੰਘ ਸਾਹਿਬ ਬਾਹਰ ਬਿਰਜਾਮਾਨ ਸਨ ਬਹੁਤ ਸੰਗਤ ਆਲੇ ਦੁਆਲੇ ਬੈਠ ਗਈ। 

ਬਾਬਾ ਜੀ ਇਸ ਅੰਮ੍ਰਿਤ ਦੀ ਕੀਮਤ ਦੱਸ ਰਹੇ ਹਨ।

ਜਿਸ ਸਿੱਖ ਨੇ ਅੰਮ੍ਰਿਤ ਛਕਿਆ ਹੈ, ਅੰਮ੍ਰਿਤਧਾਰੀ ਹੈ, ਰਹਿਣੀ ਵਿੱਚ ਰਹਿੰਦਾ ਹੈ ਗੁਰੂ ਪਰਾਇਣ ਹੈ ਉਸ ਸਿੱਖ ਦੀ ਪਦਵੀ ਕੀ ਹੈ?

ਫਿਰ ਫੁਰਮਾਇਆ ਕਿ-

ਦੇਵਤੇ, ਸੁਰ, ਨਰ, ਮੁਨ, ਜਨ ਇਹ ਸਭ ਇਸ ਪਦਵੀ ਨੂੰ ਲੋਚਦੇ ਹਨ ਪਰ ਪੁੱਜ ਨਹੀਂ ਸਕਦੇ।

ਬਾਬਾ ਜੀ ਫੁਰਮਾਉਂਣ ਲੱਗੇ..।

ਜਿਸ ਵਕਤ ਸਿੱਖਾਂ ਦੇ ਉੱਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ, ਸਿੱਖਾਂ ਦੇ ਸਿਰਾਂ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ, ਸਿੱਖਾਂ ਨੂੰ ਜੰਗਲਾਂ ਵਿੱਚ ਲੁਕ ਕੇ ਵਕਤ ਕੱਢਣਾ ਪਿਆ ਪਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਪਿੰਡਾਂ 'ਚ ਜਾਣਾ ਪੈਂਦਾ ਸੀ। ਕਈ ਵਾਰ ਐਸੇ ਮੌਕੇ ਵੀ ਆਏ ਜਦੋਂ ਉੱਥੇ ਛਾਪੇ ਪਏ। ਪਿੰਡਾਂ ਵਾਲੇ ਅੰਮ੍ਰਿਤਧਾਰੀ ਸਿੱਖ ਦੇ ਆਚਰਣ ਦਾ ਬਹੁਤ ਸਤਿਕਾਰ ਤੇ ਇੱਜਤ ਕਰਦੇ ਸਨ। ਫਿਰ ਜਦੋਂ ਛਾਪੇ ਪਏ, ਐਸਾ ਮੌਕੇ ਵੀ ਆਇਆ ਕਿ ਸਿੱਖਾਂ ਨੂੰ ਆਪਣੀਆਂ ਲੜਕੀਆਂ ਨਾਲ ਸੁਵਾ ਦਿੱਤਾ, ਇਹ ਕਿਹਾ ਕਿ ਸਾਡਾ ਦਾਮਾਦ ਸੁੱਤਾ ਪਿਆ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ-

ਉਸ ਅੰਮ੍ਰਿਤਧਾਰੀ ਸਿੱਖ, ਜਿਹੜਾ ਰਹਿਣੀ ਵਿੱਚ ਪੂਰਾ ਹੈ ਅਤੇ ਗੁਰੂ ਪਰਾਇਣ ਹੈ, ਜਿਸ ਦੀ ਬਿਰਤੀ ਗੁਰੂ ਚਰਨਾਂ ਵਿੱਚ ਹੈ, ਉਸ ਉੱਤੇ ਸੁਪਨੇ ਵਿੱਚ ਵੀ ਲੇਸ ਮਾਤਰ ਕਾਮ ਦਾ ਅਸਰ ਨਹੀਂ ਹੋ ਸਕਦਾ।

ਕਿਸ ਸਿੱਖ ਦੀ ਅਵਸਥਾ ਦਸ ਰਹੇ ਹਨ ?

ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਹੋਇਆ ਅੰਮ੍ਰਿਤ ਪੀਤਾ ਹੈ, ਛਕਿਆ ਹੈ।

ਬਾਬਾ ਨੰਦ ਸਿੰਘ ਸਾਹਿਬ ਪਾਸ ਦੋ ਨਿਜੀ ਸੇਵਕਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ਼ ਸਾਨੂੰ ਆਪਣੀ ਸੇਵਾ ਵਿੱਚ ਰੱਖ ਲਵੋ, ਅਸੀਂ ਵਿਆਹ ਨਹੀਂ ਕਰਵਾਉਣਾ, ਸੇਵਾ ਕਰਾਂਗੇ, ਸਾਨੂੰ ਬਿਹੰਗਮ ਬਣਾ ਲਵੋ।

ਬਾਬਾ ਨੰਦ ਸਿੰਘ ਸਾਹਿਬ ਅੱਗੋਂ ਕੀ ਫੁਰਮਾਉਦੇ ਹਨ-

ਤੁਸੀ ਗ੍ਰਿਹਸਤ ਮਾਰਗ ਅਪਨਾਉਣਾ ਹੈ, ਤੁਸੀਂ ਰਾਜ ਯੋਗ ਕਰਨਾ ਹੈ, ਗ੍ਰਿਹਸਤ ਮਾਰਗ ਵਿੱਚ ਰਹਿੰਦੇ ਹੋਏ ਸੇਵਾ ਕਰਨੀ ਹੈ।

ਪਰ ਅੱਗੇ ਜੋ ਕਿਹਾ ਉਹ ਇਹ ਹੈ ਕਿ-

ਜੋ ਤਿਆਗ ਹੈ, ਜਿਹੜੀ ਕੁਰਬਾਨੀ ਹੈ, ਜਿਹੜਾ ਪ੍ਰੇਮ ਹੈ, ਇਸ ਦਾ ਪਰਚਾ ਸਿਰਫ ਸਾਧੂਆਂ, ਦਰਵੇਸ਼ਾਂ, ਫਕੀਰਾਂ ਵਾਸਤੇ ਹੀ ਨਹੀਂ ਹੈ, ਇਹ ਪਰਚਾ ਗ੍ਰਿਹਸਤੀਆਂ ਨੂੰ ਵੀ ਪੈਂਦਾ ਹੈ, ਇਹ ਮੌਕੇ ਗ੍ਰਿਹਸਤੀ ਦੀ ਜਿੰਦਗੀ ਵਿੱਚ ਵੀ ਆਉਂਦੇ ਹਨ।

ਫੁਰਮਾਇਆ ਕਿ-

ਜਿਸ ਵੇਲੇ ਤਿਆਗ, ਕੁਰਬਾਨੀ ਅਤੇ ਪ੍ਰੇਮ ਦਾ ਪਰਚਾ ਪੈ ਜਾਏ...

ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਉਨ੍ਹਾਂ ਦੋਵਾਂ ਨੂੰ ਫੁਰਮਾਉਂਣ ਲੱਗੇ-

ਗੁਰੂ ਸਾਹਿਬਾਨ ਦੇ ਪੂਰਨਿਆਂ ਨੂੰ ਚੇਤੇ ਕਰ ਲੈਣਾ। ਗਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਆਪਣਾ ਸਾਰਾ ਸਰਬੰਸ ਹੀ ਵਾਰ ਦਿੱਤਾ, ਨਿਛਾਵਰ ਕਰ ਦਿੱਤਾ। ਉਸ ਵੇਲੇ ਤਿਆਗ ਕੁਰਬਾਨੀ ਅਤੇ ਪ੍ਰੇਮ ਵਿੱਚ ਚੂਕਣਾ ਨਹੀਂ।

ਇਹ ਉਪਦੇਸ਼ ਬਾਬਾ ਨੰਦ ਸਿੰਘ ਸਾਹਿਬ ਦੇ ਰਹੇ ਹਨ। ਅਵਸਥਾ ਦੱਸ ਰਹੇ ਹਨ ਅੰਮ੍ਰਿਤਧਾਰੀ ਸਿੱਖ ਦੀ, ਰਹਿਣੀ ਵਾਲੇ ਸਿੱਖ ਦੀ, ਉਹ ਦਸਮੇਸ਼ ਪਿਤਾ ਦੀ ਬਖਸ਼ੀ ਹੋਈ ਉਸ ਦਾਤ ਦੀ ਜਿਹੜੀ ਤਿਆਗ, ਕੁਰਬਾਨੀ ਅਤੇ ਪ੍ਰੇਮ ਤੋਂ ਬਿਨਾਂ ਨਹੀਂ ਮਿਲ ਸਕਦੀ। 

ਸਾਧ ਸੰਗਤ ਜੀ

ਜਿਸ ਨੂੰ ਵੀ ਅਸਲ ਪ੍ਰੇਮ ਹੋਵੇਗਾ ਸਵਾਰਥੀ ਪ੍ਰੇਮ ਨਹੀਂ, ਮਤਲਬੀ ਪ੍ਰੇਮ ਨਹੀਂ, 

ਜਿਸ ਨੂੰ ਉੱਚਾ ਤੇ ਸੁੱਚਾ ਪ੍ਰੇਮ ਹੋਵੇਗਾ, 

ਉਹੋ ਸਤਿਗੁਰੂ ਦੇ ਉੱਪਰ ਕੁਰਬਾਨ ਹੋ ਸਕਦਾ ਹੈ। 

ਪ੍ਰੇਮ ਦੀ ਦੂਜੀ ਰੂਪ ਰੇਖਾ ਦੱਸਦੇ ਹਨ, ਕੁਰਬਾਨੀ ਹੈ।

 ਉਹੀ ਪਿਆਰੇ ਕੁਰਬਾਨ ਹੋਏ ਹਨ ਜਿਹੜੇ ਸਤਿਗੁਰੂ ਪਰਾਇਣ ਸਨ, 

ਜਿਹੜੇ ਸਤਿਗੁਰੂ ਦੀ ਪ੍ਰੀਤੀ ਵਿੱਚ ਕੁਰਬਾਨ ਸਨ, ਆਸ਼ਿਕ ਸਨ ਉਹੀ ਪਿਆਰੇ ਕੁਰਬਾਨ ਹੋਏ ਹਨ।

ਬਾਬਾ ਨਰਿੰਦਰ ਸਿੰਘ ਜੀ
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-1412
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-1105

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ

(Gobind Prem)


Comments