ਬਾਬਿਆਂ ਦਾ ਦੂਜਾ ਤੇ ਤੀਜਾ ਨੇਮ - ਕੰਚਨ ਅਤੇ ਕਾਮਨੀ
ਆਪਣੇ ਅਨਮੋਲ ਪਾਵਨ ਬਚਨ ਜਾਰੀ ਰਖਦੇ ਹੋਏ ਪਿਤਾ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਦੂਸਰੇ ਤੇ ਤੀਸਰੇ ਪ੍ਰਕਾਸ਼ਮਈ ਨੇਮਾਂ ਦੇ ਬਾਰੇ ਦਸ ਰਹੇ ਸਨ। ਸ਼ੁਰੂ ਵਿੱਚ ਹੀ ਫੁਰਮਾਉਂਣ ਲੱਗੇ ਕੀ ਮੇਰੇ ਸਾਹਿਬ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਇਹੀ ਕੰਚਨ ਅਤੇ ਕਾਮਨੀ ਦੇ ਬਾਰੇ ਵਿੱਚ ਕੀ ਫੁਰਮਾ ਰਹੇ ਹਨ?
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥
ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥
ਬਾਬਾ ਨੰਦ ਸਿੰਘ ਸਾਹਿਬ ਹਰਿਦੁਆਰ ਦੇ ਜੰਗਲਾਂ ਵਿੱਚ ਗਮਨ ਕਰ ਰਹੇ ਸਨ। ਇਕ ਜਗ੍ਹਾ ਦੇਖਿਆ ਕਿ ਇਕ ਸੰਤ ਮੰਡਲੀ ਬੈਠੀ ਹੈ। ਬੜੇ ਸੰਤ ਆਪਣੇ ਪੂਜਯ ਮੁਖੀ ਸੰਤ ਜੀ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹਨ ਤੇ ਚਰਚਾ ਚਲ ਰਹੀ ਹੈ। ਬਾਬਾ ਨੰਦ ਸਿੰਘ ਸਾਹਿਬ ਸਭ ਤੋਂ ਪਿੱਛੇ ਬੈਠ ਗਏ। ਸੁਣਿਆ ਕਿ ਚਰਚਾ ਚਲ ਰਹੀ ਹੈ ਕੰਚਨ ਤੇ ਕਾਮਨੀ ਦੇ ਉੱਤੇ ਕਿ ਇਸ ਘੋਰ ਅੰਧਕਾਰ ਕਲਿਜੁਗ ਦੇ ਵਿੱਚ ਵੀ ਇਸ ਮਾਇਆ ਦੇ ਦੋ ਰੂਪਾਂ ਨੂੰ ਕੋਈ ਫਤਿਹ ਕਰ ਸਕਦਾ ਹੈ? ਵਿੱਚੋਂ ਦੋ ਤਿੰਨ ਜਨੇ ਹੱਥ ਜੋੜ ਕੇ ਆਪਣੇ ਮੁਖੀ ਪੂਜਯ ਸੰਤ ਜੀ ਨੂੰ ਪੁੱਛ ਰਹੇ ਹਨ ਕਿ ਗਰੀਬ ਨਿਵਾਜ਼ ਤੁਸੀਂ ਬੜੀ ਕਮਾਈ ਅਤੇ ਕਰਨੀ ਵਾਲੇ ਹੋ। ਤੁਸੀਂ ਇਸ ਦੇ ਬਾਰੇ ਆਪਣੀ ਅਵਸਥਾ ਦੇ ਉੱਤੇ ਪ੍ਰਕਾਸ਼ ਪਾਉ।
ਸੰਤ ਜੀ ਥੋੜ੍ਹੀ ਦੇਰ ਚੁੱਪ ਕਰ ਗਏ, ਫੁਰਮਾਉਂਣ ਲੱਗੇ ਕਿ-
ਦੇਖੋ ਜਿੱਥੋਂ ਤਕ ਕੰਚਨ ਦਾ ਸਵਾਲ ਹੈ ਸੋਨਾ, ਇਹ ਸਾਨੂੰ ਮੋਹ ਨਹੀਂ ਸਕਦਾ, ਇਹ ਸਾਨੂੰ ਆਕਰਸ਼ਿਤ ਨਹੀਂ ਕਰ ਸਕਦਾ। ਕਾਮਨੀ ਦੇ ਰੂਪ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਅਸੀਂ ਇਹ ਚੀਜ਼ ਵਾਝੇ ਕਰ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਇੱਦਾਂ ਦਾ ਪਰਚਾ ਪੈ ਜਾਏ ਤਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਅਸੀਂ ਉਸ ਦੇ ਵਿੱਚ ਕਾਮਯਾਬ ਹੋ ਜਾਵਾਂਗੇ।
ਫਿਰ ਸੁਭਾਵਕ ਹੀ ਉਨ੍ਹਾਂ ਨੇ ਪੁੱਛਿਆ ਹੈ ਕਿ- ਜੀ ਫਿਰ ਇਸ ਘੋਰ ਅੰਧਕਾਰ ਕਲਿਯੁਗ ਵਿੱਚ ਕੋਈ ਐਸਾ ਵੀ ਮਹਾਂਪੁਰਸ਼ ਹੈ ਜਿਸਨੇ ਇਹ ਮਾਇਆ ਦੇ ਦੋਨਾਂ ਰੂਪਾਂ ਨੂੰ ਫਤਿਹ ਕੀਤਾ ਹੋਵੇ?
ਅੰਤਰ ਧਿਆਨ ਹੋ ਗਏ ਹਨ, ਨੇਤਰ ਖੋਲ੍ਹੇ ਹਨ ਤੇ ਜਵਾਬ ਦੇ ਰਹੇ ਹਨ ਕਿ ਇਸ ਘੋਰ ਅੰਧਕਾਰ ਕਲਿਯੁਗ ਵਿੱਚ ਜਿਸਨੇ ਇਸ ਮਾਇਆ ਦੇ ਦੋਵੇਂ ਰੂਪਾਂ ਨੂੰ ਫਤਿਹ ਕੀਤਾ ਹੋਇਆ ਹੈ, ਜਿਨ੍ਹੇ ਕੰਚਨ ਤੇ ਕਾਮਨੀ ਦੇ ਰੂਪ ਨੂੰ ਵੀ ਮਾਰਿਆ ਹੋਇਆ, ਲਤਾੜਿਆ ਹੋਇਆ ਹੈ, ਫਤਿਹ ਕੀਤਾ ਹੋਇਆ ਹੈ ਉਹ ਮਹਾਂਪੁਰਸ਼ ਤਾਂ ਇਸ ਵੇਲੇ ਸਾਡੇ ਇਕੱਠ ਦੇ ਵਿੱਚ ਸਭ ਤੋਂ ਪਿੱਛੇ ਬੈਠਾ ਹੈ। ਇੰਨਾ ਕਹਿਕੇ ਨਾਮ ਲਿਆ ਹੈ ਉਨ੍ਹਾਂ ਨੇ ਬਾਬਾ ਨੰਦ ਸਿੰੰਘ ਸਾਹਿਬ ਦਾ ਤੇ ਬਾਬਾ ਨੰਦ ਸਾਹਿਬ ਜਿਨ੍ਹਾਂ ਨੇ ਇਕ ਲੇਸ ਮਾਤਰ ਮਾਨ ਸਾਰੀ ਜਿੰਦਗੀ ਆਪਣੇ ਉੱਤੇ ਨਹੀਂ ਲਿਆ। ਜਿਨ੍ਹਾਂ ਨੂੰ ਲੇਸ ਮਾਤਰ ਮਾਨ ਛੂ ਨਹੀਂ ਸਕਿਆ। ਜਿਨ੍ਹਾਂ ਨੂੰ ਇਕ ਤਿੱਲ ਦੀ ਤਮਾ ਨਹੀਂ, ਪੂਰਨ ਤੋਰ ਤੇ ਬੇਮੁਹਤਾਜ ਤੇ ਬੇਪਰਵਾਹ ਸਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦਾ ਪ੍ਰਕਾਸ਼ ਸੀ ਜਿਹੜਾ ਉੱਥੋਂ ਉੱਠ ਕੇ ਪਿੱਛੇ ਨੂੰ ਤੁਰਿਆ ਜਾ ਰਿਹਾ ਸੀ।
ਸਾਧ ਸੰਗਤ ਜੀ ਦੂਜਾ ਨੇਮ ਬਾਬਾ ਨੰਦ ਸਿੰਘ ਸਾਹਿਬ ਦਾ 'ਕਦੀ ਪੈਸੇ ਨੂੰ ਹੱਥ ਨਹੀਂ ਲਾਉਣਾ'। ਬਾਬਾ ਨੰਦ ਸਿੰਘ ਸਾਹਿਬ ਨੇ ਸਾਰੀ ਜਿੰਦਗੀ ਪੈਸੇ ਨੂੰ ਹੱਥ ਲਾ ਕੇ ਦੇਖਿਆ ਨਹੀਂ ਕਿ ਉਹ ਲਗਦਾ ਕਿਸ ਤਰ੍ਹਾਂ ਦਾ ਹੈ।
ਤੀਜਾ ਨੇਮ ਉਨ੍ਹਾਂ ਦਾ ਕਦੀ ਇਕੱਲੀ ਇਸਤਰੀ ਨਾਲ ਭੇਟ ਨਹੀ ਕਰਨੀ, ਉਹਦੇ ਨਾਲ ਗੱਲ ਨਹੀਂ ਕਰਨੀ। ਸਾਰੀ ਜਿੰਦਗੀ ਬਾਬਾ ਨੰਦ ਸਿੰਘ ਸਾਹਿਬ ਨੇ ਇਕੱਲੀ ਇਸਤਰੀ ਨਾਲ ਗੱਲ ਨਹੀਂ ਕੀਤੀ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 4)

Comments
Post a Comment