ਪ੍ਰੇਮ ਦੇ ਹੰਝੂਆਂ ਦੀ ਰਾਖੀ (ਮਾਲਾ)
ਸਾਡੇ ਗੁਰੂ ਨਾਨਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਨ?
ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 648
ਗੁਰੂ ਅਮਰਦਾਸ ਜੀ ਫੁਰਮਾ ਰਹੇ ਹਨ-
- ਮੇਰਾ ਮਾਤਾ, ਪਿਤਾ ਅਤੇ ਭਰਾ ਵੀ ਗੁਰੂ ਹੈ।
- ਤੁਸੀਂ ਆਪਣੇ ਗੁਰੂ ਨੂੰ ਚੇਤੇ ਕਰਦੇ ਹੋ ਤਾਂ ਉਹ ਮੁਰਦੇ ਨੂੰ ਜਗਾ ਦਿੰਦਾ ਹੈ, ਜਿਊਂਦਾ ਕਰ ਦਿੰਦਾ ਹੈ।
- ਗੁਰੂ ਇਹ ਕੁੱਛ ਕਰਦਾ ਹੈ।
(ਬੀਬੀ) ਭੋਲਾਂ ਪੜ੍ਹਦੀ ਹੁੰਦੀ ਸੀ-
ਸੱਚੇ ਪਾਤਸ਼ਾਹ ਮੈਂ ਹੰਝੂਆਂ ਨੂੰ ਸੁਆਸਾਂ ਨਾਲ ਪਰੋਇਆ ਹੋਇਆ ਹੈ ਅਤੇ ਆਪ ਦੇ ਚਰਨ ਧੋਣ ਵਾਸਤੇ ਸੀਨੇ ਵਿੱਚ ਛੁਪਾ ਕੇ ਰਖਿਆ ਹੋਇਆ ਹੈ।
ਅੱਜ ਰਕਸ਼ਾ ਬੰਦਨ ਦਾ ਦਿਨ ਹੈ। ਜਿਸ ਤਰ੍ਹਾਂ ਭੋਲਾਂ ਆਪਣੇ ਹੰਝੂਆਂ ਦੀ ਰਾਖੀ ਬਣਾਉਂਦੀ ਸੀ, ਬੀਬੀ ਅਜੀਤ ਜਿਸ ਤਰ੍ਹਾਂ ਰਾਖੀ ਬਣਾਉਂਦੀ ਸੀ, ਆਪਣੇ ਹੰਝੂਆਂ ਦੀ ਮਾਲਾ (ਰਾਖੀ) ਬਣਾ ਕੇ ਇਸ ਦਿਨ ਉਨ੍ਹਾਂ ਦੇ ਹੱਥਾਂ 'ਚ, ਉਨ੍ਹਾਂ ਦੇ ਚਰਨਾਂ 'ਚ ਪਾਉਂਦੇ ਸਨ।
ਕਿਸ ਚੀਜ਼ ਤੋਂ ਗੁਰੂ ਨਾਨਕ ਨਿਰੰਕਾਰ, ਗੁਰੂ ਅਮਰਦਾਸ ਜੀ ਖੁਸ਼ ਹੁੰਦੇ ਹਨ, ਬਾਬਾ ਨੰਦ ਸਿੰਘ ਸਾਹਿਬ ਖੁਸ਼ ਹੁੰਦੇ ਹਨ। ਜੇ ਕਿਤੇ ਆਪਾਂ ਆਪਣੇ ਹੰਝੂਆਂ ਦੀ ਇਕ ਰਾਖੀ ਬਣਾ ਕੇ ਉਨ੍ਹਾਂ ਦੇ ਚਰਨਾਂ ਤੇ ਬੰਨੀ ਹੋਵੇ ਫਿਰ ਉਹਦੇ ਨਾਲੋਂ ਵੀ ਵੱਡਾ ਕੋਈ ਰਖਿਆ ਕਰਨ ਵਾਲਾ ਹੈ?
ਉਹ ਕਿਹੜੇ ਸ਼ਬਦ ਹਨ ਜਿਹੜੇ ਇਸ ਚੀਜ਼ ਨੂੰ ਚੇਤੇ ਕਰਾਉਂਦੇ ਹਨ।
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 682
ਜਿੰਨੇ ਹਮੇਸ਼ਾ ਹੀ ਹੱਥ ਦੇ ਕੇ ਰਖਨਾ ਹੈ ਉਹਦੇ ਵਰਗੀ ਵੀ ਕੋਈ ਰਖਿਆ ਕਰ ਸਕਦਾ ਹੈ। ਅਗਰ ਉਸ ਹੱਥ ਦੇ ਵਿੱਚ ਆਪਣੇ ਹੰਝੂਆਂ ਦੀ ਇਕ ਰਾਖੀ ਪਰੋ ਕੇ ਪਾ ਦਿੱਤੀ ਜਾਵੇਂ ਤਾਂ ਇਹਦੇ ਨਾਲੋਂ ਵੀ ਵੱਡਾ ਹੋਰ ਕੋਈ ਪਾਕ ਰਿਸ਼ਤਾ ਹੈ। ਜ਼ਰਾ ਸੋਚਕੇ ਦੇਖੀਏ ਕਿ ਉਹ ਕਿਹੜਾ ਪਾਕ ਹੱਥ ਸਾਡੇ ਵੱਲ ਅਜ ਵੱਧ ਰਿਹਾ ਹੈ ਜਿਹੜਾ ਸੁਆਸ-ਸੁਆਸ ਰਖਿਆ ਕਰਦਾ ਹੈ ਉਸਨੂੰ ਤਾਂ ਰਾਖੀ ਬੰਨੀਏ।
ਜੇਕਰ ਹੰਝੂਆਂ ਨੂੰ ਪਰੋ ਕੇ ਇਕ ਵਾਰ ਰਾਖੀ ਬੰਨੀ ਹੋਵੇ ਤਾਂ ਸਾਰੀ ਜਿੰਦਗੀ ਉਹਦਾ ਨਸ਼ਾ ਨਹੀਂ ਉਤਰੇਗਾ ਅਤੇ ਤੁਹਾਨੂੰ ਮਹਿਸੂਸ ਹੇਵੇਗਾ ਕਿ ਉਸਦਾ ਹੱਥ ਹਮੇਸ਼ਾ ਸੀਸ ਤੇ ਹੈ।
ਉਹ ਰਾਖੀ, ਉਹ ਹੰਝੂ ਕੀ ਕੁਝ ਕਰ ਸਕਦੇ ਹਨ, ਸਾਹਿਬ ਅਗਲੇ ਸ਼ਬਦ ਵਿੱਚ ਫੁਰਮਾਉਂਦੇ ਹਨ-
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥
ਸਾਚਾ ਸਾਹਿਬੁ ਸਦ ਮਿਹਰਵਾਣ ॥
ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥
ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 619
ਸੱਚੇ ਪਾਤਸ਼ਾਹ ਮੈਂ ਕਿਸੇ ਗਿਣਤੀ ਵਿੱਚ ਨਹੀਂ ਹਾਂ ਪਰ ਹਾਂ ਤਾਂ ਤੇਰਾ।
ਜਿਸ ਵਕਤ ਉਹ ਸਿਰ ਤੇ ਹੱਥ ਰੱਖ ਦਿੰਦਾ ਹੈ ਤਾਂ ਫਿਰ ਕੀ ਹਾਲਤ ਹੁੰਦੀ ਹੈ! ਉਹੀ ਸਭ ਕੁੱਝ ਦੇ ਰਿਹਾ ਹੈ, ਉਹ ਦਿੰਦਾ ਹੀ ਦਿੰਦਾ ਹੈ ਲੈਂਦਾ ਕੁੱਝ ਵੀ ਨਹੀਂ। ਕਿਸ ਦਾ ਜੀਅ ਨਹੀਂ ਕਰਦਾ ਕਿ ਉਹਦੇ ਨਾਲ ਬੰਧ ਪਾ ਲਈਏ। ਉਸ ਹੱਥ ਨੂੰ ਜਿਸਨੇ ਵੀ ਆਪਣੇ ਹੰਝੂਆਂ ਦੀ ਪਰੋਈ ਹੋਈ ਰਾਖੀ ਬੰਨ ਦਿੱਤੀ ਹੈ, ਉਸ ਨਾਲ ਬੰਧ ਪਾ ਲਿਆ ਹੈ ਉਸ ਨਾਲ ਕਈਆਂ ਦਾ ਕਲਿਆਨ ਹੋ ਜਾਂਦਾ ਹੈ। ਜਿਸ ਤਰ੍ਹਾਂ ਭੈਣਾਂ ਬਾਬਿਆਂ ਨੂੰ ਰਾਖੀ ਬੰਨਦੀਆਂ ਸਨ, ਇਹ ਸੱਭ ਉਨ੍ਹਾਂ ਦੀਆਂ ਹੀ ਬਰਕਤਾਂ ਹਨ। ਉਨ੍ਹਾਂ ਕਰਕੇ ਹੀ ਇਹ ਸੱਭ ਬਹਾਰਾਂ ਲਗੀਆਂ ਹਨ।
ਇਕ ਦਿਨ ਬੀਬੀ ਅਜੀਤ ਦੇ ਬਾਬਿਆਂ ਵਾਸਤੇ ਪ੍ਰਸ਼ਾਦ ਬਣਾਉਂਦੀ ਦੇ ਹੰਝੂ ਨਿਕਲਨੇ ਸ਼ੁਰੂ ਹੋ ਗਏ। ਇਕ ਦਮ ਕੀ ਦੇਖਦੀ ਹੈ ਕਿ ਪ੍ਰਸ਼ਾਦ ਬਾਬੇ ਛੱਕ ਰਹੇ ਹਨ। ਪ੍ਰਸ਼ਾਦ ਬਣਾਉਂਦੀ ਦਾ ਬਾਬੇ ਛਕ ਗਏ। ਆ ਕੇ ਮੈਂਨੂੰ ਕਹਿਣ ਲੱਗੀ ਕਿ ਪ੍ਰਸ਼ਾਦ ਮੈਂ ਬਣਾ ਰਹੀ ਸੀ, ਬਾਬਿਆਂ ਦੇ ਪਿਆਰ ਵਿੱਚ ਮੇਰਾ ਰੋਣਾ ਨਿਕਲ ਰਿਹਾ ਸੀ। ਉਹ ਕਹਿੰਦੇ ਪੁੱਤ ਜਿਸ ਤਰ੍ਹਾਂ ਤੂੰ ਪਿਆਰ ਕਰ ਰਹੀ ਹੈ ਹੁਣ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ। ਉੱਥੇ ਹੀ ਪ੍ਰਸ਼ਾਦ ਛੱਕ ਗਏ। ਇਹ ਪਿਆਰ ਹੈ ਹੰਝੂਆਂ ਦਾ। ਮੇਰੇ ਪਿਆਰੇ ਬਾਬਾ ਨੰਦ ਸਿੰਘ ਸਾਹਿਬ ਇਸ ਤਰ੍ਹਾਂ ਦਾ ਪਿਆਰ ਬਖਸ਼ ਸਕਦੇ ਹਨ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹੰਝੂਆਂ ਦੀ ਰਾਖੀ ਬੰਨ ਕੇ ਬੰਧ ਪਾਇਆ ਸੀ ਬਾਬਾ ਨੰਦ ਸਿੰਘ ਸਾਹਿਬ ਨਾਲ।
ਗੁਰੂ ਨਾਨਕ ਦਾਤਾ ਬਖਸ਼ ਲੈ॥ ਬਾਬਾ ਨਾਨਕ ਬਖਸ਼ ਲੈ॥
Smast Ilahi Jot Baba Nand Singh Ji Maharaj, Part 5
By: Brig. Partap Singh Ji Jaspal

Comments
Post a Comment